ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਦੀ ਜਾਨ ਐਮੀ ਵਿਰਕ ਹਮੇਸ਼ਾ ਆਪਣੇ ਫੈਨਸ ਦੀਆ ਉਮੀਦਾਂ ਤੇ ਖਰਾ ਉਤਰਦਾ ਆ ਰਿਹਾ ਹੈ । ਇਸੇ ਤਰਾਂ 14 ਫਰਵਰੀ 2020 ਨੂੰ ਵੈਲੇਨਟਾਈਨ ਡੇ ਵਾਲੇ ਦਿਨ ਰਿਲੀਜ਼ ਹੋਈ ਫ਼ਿਲਮ ‘ ਸੁਫਨਾ ‘ ਰਾਹੀਂ ਦਰਸ਼ਕਾਂ ਦਾ ਬੇਹੱਦ ਪਿਆਰ ਵਸੂਲ ਰਿਹਾ ਹੈ । ਇਸ ਫ਼ਿਲਮ ਵਿਚ ਐਮੀ ਵਿਰਕ ਦੇ ਨਾਲ ਤਾਨੀਆ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਈ । ਫ਼ਿਲਮ ‘ ਸੁਫਨਾ ‘ ਨੇ ਪਹਿਲੇ 3 ਦਿਨ ਹੀ 7.25 ਕਰੋੜ ਦੀ ਕਮਾਈ ਕੀਤੀ ਹੈ ਜੋ ਕਿ ਆਪਣੇ ਆਪ ਵਿੱਚ ਫ਼ਿਲਮ ਦੀ ਕਾਮਯਾਬੀ ਨੂੰ ਬਿਆਨ ਕਰਦੀ ਹੈ । ਦਰਸ਼ਕਾਂ ਵਲੋਂ ਇਸ ਫ਼ਿਲਮ ਨੂੰ ਫ਼ਿਲਮ ‘ ਕਿਸਮਤ ‘ ਨਾਲ ਜੋੜਿਆ ਜਾ ਰਿਹਾ ਸੀ ਪਰ ਫ਼ਿਲਮ ‘ ਸੁਫਨਾ ‘ ਦੇ ਰਿਲੀਜ਼ ਹੋਣ ਤੋਂ ਬਾਅਦ ਪਤਾ ਲਗਾ ਹੈ ਕਿ ਇਹ ਫ਼ਿਲਮ ‘ ਕਿਸਮਤ ‘ ਤੋਂ ਅਲੱਗ ਤਰਾਂ ਦੀ ਹੈ ।
ਫ਼ਿਲਮ ਦੀ ਕਹਾਣੀ ਵਿੱਚ ਪ੍ਰੇਮ ਕਹਾਣੀ , ਭਾਵੁਕਤਾ ਦੇ ਨਾਲ ਨਾਲ ਪੰਜਾਬ ਦਾ ਭੱਖਦਾ ਮੁੱਦਾ ਜੋ ਕਿ ਪੰਜਾਬ ਦੀ ਕਿਸਾਨੀ ਨੂੰ ਦਰਸਾਉਂਦਾ ਹੈ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ । ਜਿਸ ਤਰਾਂ ਜਗਦੀਪ ਸਿੱਧੂ ਨੇ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਹੈ ਓਸੇ ਤਰਾਂ ਹੀ ਉਸਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਕਿਉਂਕਿ ਜਦ ਇਕ ਲੇਖਕ ਆਪਣੀਆਂ ਭਾਵਨਾਵਾਂ ਨੂੰ ਪਰਦੇ ਤੇ ਉਤਾਰਨ ਦਾ ਜਤਨ ਕਰਦਾ ਹੈ ਤਾਂ ਉਹ ਖੂਬ ਨਿਖਰਕੇ ਸਾਹਮਣੇ ਆਉਂਦੀਆਂ ਹਨ ਜੋ ਕਿ ਇਸ ਫ਼ਿਲਮ ਵਿੱਚ ਸਾਫ ਸਾਫ ਨਜ਼ਰ ਆ ਰਿਹਾ ਹੈ ।
ਪੰਜ ਪਾਣੀ ਫ਼ਿਲਮਜ਼ ਦੁਵਾਰਾ ਪੇਸ਼ ਕੀਤੀ ਇਸ ਫ਼ਿਲਮ ਦੀ ਕਹਾਣੀ ਨੂੰ ਜਗਦੀਪ ਸਿੱਧੂ ਦੁਵਾਰਾ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ । ਫ਼ਿਲਮ ‘ ਸੁਫਨਾ ‘ ਨੂੰ ਗੁਰਪ੍ਰੀਤ ਸਿੰਘ ਅਤੇ ਨਵਨੀਤ ਵਿਰਕ ਦੁਵਾਰਾ ਪ੍ਰੋਡਿਊਸ ਕੀਤਾ ਗਿਆ ਹੈ । ਫ਼ਿਲਮ ਵਿਚ ਐਮੀ ਵਿਰਕ ਤੇ ਤਾਨੀਆ ਤੋਂ ਇਲਾਵਾ ਜਗਜੀਤ ਸੰਧੂ, ਸੀਮਾ ਕੌਸ਼ਲ, ਜੈਸਮੀਨ ਬਾਜਵਾ, ਕਾਕਾ ਕੌਤਕੀ, ਮੋਹਿਨੀ ਤੂਰ, ਲੱਖਾਂ ਲਹਿਰੀ , ਬਲਵਿੰਦਰ ਬੁਲੇਟ, ਰਬਾਬ ਕੌਰ ਅਤੇ ਮਿੰਟੂ ਕਾਪਾ ਵੀ ਫ਼ਿਲਮ ਵਿਚ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆਏ । ਇਸ ਫ਼ਿਲਮ ਨੂੰ ਵ੍ਹਾਈਟ ਹਿੱਲ ਸਟੂਡੀਓਸ ਦੁਆਰਾ ਸੰਸਾਰ ਭਰ ਵਿਚ ਡਿਸਟਰੀਬਿਊਟ ਕੀਤਾ ਗਿਆ ਹੈ । ਪ੍ਰੇਮ ਕਹਾਣੀ ਦੇ ਨਾਲ ਕਿਸਾਨੀ ਮੁਦਿਆਂ ਨੂੰ ਦਰਸਾਉਂਦੀ ਇਸ ਫ਼ਿਲਮ ਨੂੰ ਹਰ ਵਰਗ ਦੇ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ ।
ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਇਹਨਾਂ ਪਸੰਦ ਕੀਤਾ ਜਾ ਰਿਹਾ ਕਿ ਪਹਿਲੇ ਦਿਨ ਤੋਂ ਹੀ ਹਾਊਸ ਫੁੱਲ ਸ਼ੋਅ ਚੱਲ ਰਹੇ ਨੇ । ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਅਜਿਹੀਆਂ ਫਿਲਮਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ । ‘ ਸੁਫਨਾ ‘ ਫ਼ਿਲਮ ਦੀ ਸਫ਼ਲਤਾ ਲਈ ਫ਼ਿਲਮ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਉਮੀਦ ਕਰਦੇ ਹਾਂ ਕਿ ਇਹ ਟੀਮ ਦਰਸ਼ਕਾਂ ਲਈ ਅੱਗੇ ਵੀ ਅਜਿਹੀਆਂ ਫਿਲਮਾਂ ਦਿੰਦੀ ਰਹੇਗੀ ।