ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਅਪਣੀ ਲਿਖਤ ਅਤੇ ਆਵਾਜ਼ ਰਾਹੀਂ ਸਾਂਭਣ ਵਾਲੇ ਸੂਫ਼ੀ ਗਾਇਕ ਸਤਿੰਦਰ ਸਰਤਾਜ਼ ਨੇ ਲੋਕਾਂ ਦੇ ਮਨਾਂ ਵਿੱਚ ਆਪਣੀ ਇੱਕ ਖਾਸ ਜਗ੍ਹਾ ਬਣਾਈ ਹੋਈ ਹੈ । ਸਰਤਾਜ ਦੀ ਗਾਇਕੀ ਦੇ ਨਾਲ ਨਾਲ ਉਸ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ ਹੈ ਜੋ ਕਿ ਫ਼ਿਲਮ ‘ ਦ ਬਲੈਕ ਪ੍ਰਿੰਸ ‘ ਨਾਲ ਸਾਹਮਣੇ ਆਈ ਸੀ । ਸਤਿੰਦਰ ਸਰਤਾਜ ਦੀ ਇਹ ਪਹਿਲੀ ਫ਼ਿਲਮ ਹਾਲੀਵੁੱਡ ਫ਼ਿਲਮ ਸੀ, ਜਿਸਨੂੰ ਪੰਜਾਬੀ ਵਿਚ ਵੀ ਰਿਲੀਜ਼ ਕੀਤਾ ਗਿਆ ਸੀ |
ਫ਼ਿਲਮ ‘ ਦ ਬਲੈਕ ਪ੍ਰਿੰਸ ‘ ਤੋਂ ਬਾਅਦ ਸਰਤਾਜ ਆਪਣੀ ਅਗਲੀ ਫ਼ਿਲਮ ‘ ਇੱਕੋ ਮਿੱਕੇ ‘ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਿਹਾ ਹੈ ਜਿਸ ਵਿਚ ਸਤਿੰਦਰ ਸਰਤਾਜ ਤੇ ਅੱਦਿਤੀ ਸ਼ਰਮਾ ਮੁੱਖ ਭੂਮਿਕਾ ਵਜੋਂ ਦਿਖਾਈ ਦੇਣਗੇ । ਅੱਦਿਤੀ ਸ਼ਰਮਾ ਨੇ ਪੰਜਾਬੀ ਫ਼ਿਲਮ ‘ ਅੰਗਰੇਜ਼ ‘ ਰਾਹੀਂ ਪਾਲੀਵੁੱਡ ਵਿੱਚ ਆਪਣੀ ਪਹਿਚਾਣ ਬਣਾਈ ਸੀ ਅਤੇ ਸਮੇਂ ਸਮੇਂ ਤੇ ਆਪਣੀ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਵਿੱਚ ਛਾਪ ਛੱਡਦੀ ਰਹੀ ਹੈ ।
ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਪੋਸਟਰ ਨੂੰ ਦੇਖਦਿਆਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹ ਫ਼ਿਲਮ ਇੱਕ ਖੂਬਸਰਤ ਪਿਅਾਰ ਕਹਾਣੀ ਹੈ । ਤੁਹਾਨੂੰ ਦੱਸ ਦਈਏ ਕਿ ਫ਼ਿਲਮ ਦਾ ਟਾਈਟਲ ਗੀਤ ਵੀ ਰਿਲੀਜ਼ ਹੋ ਚੁੱਕਾ ਹੈ ਜੋ ਕਿ ਸਰਤਾਜ ਤੇ ਅੱਦਿਤੀ ਦੇ ਫ਼ਿਲਮੀ ਪਿਆਰ ਨੂੰ ਬਿਆਨ ਕਰਦਾ ਹੈ । ਗੀਤ ਦੀਆਂ ਸਤਰਾਂ ਨੂੰ ਸਰਤਾਜ ਨੇ ਆਪਣੀ ਕਲਮ ਰਾਹੀਂ ਲਿਖਿਆ ਹੈ ਅਤੇ ਇਸਨੂੰ ਬੋਲ ਵੀ ਸਤਿੰਦਰ ਸਰਤਾਜ ਦੁਆਰਾ ਹੀ ਦਿੱਤੇ ਗਏ ਹਨ । ਇਸ ਖੂਬਸਰਤ ਗੀਤ ਨੂੰ ਸੰਗੀਤ ‘ ਬੀਟ ਮਨਿਸਟਰ ‘ ਦੁਆਰਾ ਦਿੱਤਾ ਗਿਆ ਹੈ ।
ਫ਼ਿਲਮ ‘ ਇੱਕੋ ਮਿੱੱਕੇ ‘ ਦੀ ਕਹਾਣੀ, ਸਕ੍ਰੀਨਪਲੇ ਨੂੰ ਪੰਕਜ ਵਰਮਾ ਦੁਆਰਾ ਲਿਖਿਆ ਗਿਆ ਹੈ ਅਤੇ ਫ਼ਿਲਮ ਵਿੱਚਲੇ ਡਾਇਲੋਗ ਵੀ ਪੰਕਜ ਵਰਮਾ ਦੁਆਰਾ ਹੀ ਲਿਖੇ ਗਏ ਹਨ ਜਿਸ ਵਿੱਚ ਉਹਨਾਂ ਦਾ ਸਾਥ ਪ੍ਰੀਤ ਮਾਹਲਾ ਨੇ ਦਿੱਤਾ ਹੈ । ਪੰਕਜ ਵਰਮਾ ਦੁਆਰਾ ਹੀ ਡਾਇਰੈਕਟ ਕੀਤੀ ਗਈ ਇਸ ਫ਼ਿਲਮ ਨੂੰ ਸਰਤਾਜ ਫ਼ਿਲਮ ਅਤੇ ਫਿਰਦੌਸ ਪ੍ਰੋਡਕਸ਼ਨ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ । ਇਸ ਫ਼ਿਲਮ ਵਿੱਚ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ ਤੋਂ ਇਲਾਵਾ ਸਰਦਾਰ ਸੋਹੀ , ਮਹਾਵੀਰ ਭੁੱਲਰ, ਸ਼ਿਵਾਨੀ ਸਾਨੀਆ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੈ ਕੁਮਾਰ, ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ, ਨੂਰ ਚਾਹਲ ਅਤੇ ਉਮੰਗ ਸ਼ਰਮਾ ਵੀ ਆਪਣੀ ਅਦਾਕਾਰੀ ਦਿਖਾਉਂਦੇ ਨਜ਼ਰ ਆਉਣਗੇ ।
13 ਮਾਰਚ 2020 ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ ਇੱਕੋ ਮਿੱਕੇ ‘ ਦਾ ਟ੍ਰੇਲਰ ਫਿਲਹਾਲ ਰਿਲੀਜ਼ ਨਹੀਂ ਕੀਤਾ ਗਿਆ ਪਰ ਇਸਦੇ ਗਾਣੇ ‘ ਇੱਕੋ ਮਿੱਕੇ ‘ ਤੇ ‘ ਸਟਾਰ ਕਾਸਟ ਨੂੰ ਦੇਖਕੇ ਲਗਦਾ ਹੈ ਕਿ ਇਹ ਫ਼ਿਲਮ ਪਾਲੀਵੁੱਡ ਵਿੱਚ ਆਪਣੀ ਇੱਕ ਵੱਖਰੀ ਛਾਪ ਛੱਡੇਗੀ ।